ਸ. ਕੁਲਤਾਰ ਸਿੰਘ ਸੰਧਵਾ, ਸਪੀਕਰ ਵਿਧਾਨ ਸਭਾ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
————————————————————————–
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਅਤੇ ਐਸ.ਐਚ.ਆਰ.ਜੀ, ਲੰਡਨ ਦੇ ਸਹਿਯੋਗ ਨਾਲ ਇੱਕ ਰੋਜ਼ਾ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ ‘ਜੈਵਿਕ ਖੇਤੀ ਅਪਣਾਓ, ਮਿੱਟੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਓ’ ਰੱਖਿਆ ਗਿਆ, ਜਿਸ ਵਿੱਚ ਇਸ ਖੇਤਰ ਦੇ ਮਾਹਿਰ ਅਤੇ ਸੂਝਵਾਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸਮਾਗਮ ਵਿੱਚ ਸ. ਕੁਲਤਾਰ ਸਿੰਘ ਸੰਧਵਾ, ਸਪੀਕਰ ਵਿਧਾਨ ਸਭਾ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਗਾਇਨ ਨਾਲ ਕੀਤੀ ਗਈ, ਉਪਰੰਤ ਸ. ਜਸਵਿੰਦਰ ਪਾਲ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਸਾਰੇ ਬੁਲਾਰਿਆਂ ਅਤੇ ਕਿਸਾਨਾਂ ਨੂੰ ਜੀ ਆਇਆਂ ਆਖਿਆ। ਸੈਮੀਨਾਰ ਦੇ ਪਹਿਲੇ ਬੁਲਾਰੇ ਸ.ਰਾਜਬੀਰ ਸਿੰਘ, ਬੋਟਨੀ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਨੇ ਪੰਜਾਬ ਵਿੱਚ ਪੈਦਾ ਹੋ ਰਹੇ ਖੇਤੀ ਸੰਕਟਾਂ ਬਾਰੇ ਤੱਥਾਂ ਸਹਿਤ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਅਸੀਂ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਲਗਾਤਾਰ ਖਤਮ ਕਰਦੇ ਜਾ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਚਿੰਤਾਜਨਕ ਵਿਸ਼ਾ ਬਣ ਜਾਵੇਗਾ। ਉਪਰੰਤ ਸਰਦਾਰ ਗੁਰਪ੍ਰੀਤ ਸਿੰਘ ਦਬੜੀਖਾਨਾ, ਜੈਵਿਕ ਖੇਤੀ ਮਾਹਿਰ ਨੇ ਦੱਸਿਆ ਕਿ ਧਰਤੀ ਹੇਠਲੇ ਉਪਜਾਊ ਸ਼ਕਤੀ ਨੂੰ ਅਸੀਂ ਕਿਵੇਂ ਕੀਟਨਾਸ਼ਕਾਂ ਅਤੇ ਨਦੀਨਾਸ਼ਕਾਂ ਦੀ ਵਰਤੋਂ ਕਰਕੇ ਖਤਮ ਕਰ ਰਹੇ ਹਾਂ। ਉਨਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਸਾਨੂੰ ਵੱਧ ਤੋਂ ਵੱਧ ਦੇਸੀ ਦਵਾਈਆਂ, ਰੂੜੀ ਦੀ ਖਾਦ ਅਤੇ ਹਰੀ ਖਾਦ ਦੀ ਵਰਤੋਂ ਕਰੇਕ ਜੈਵਿਕ ਖੇਤੀ ਨੂੰ ਪ੍ਰੋਤਸ਼ਾਹਿਤ ਕਰਨਾ ਚਾਹੀਦਾ ਹੈ। ਸੈਮੀਨਾਰ ਦੇ ਤੀਜੇ ਬੁਲਾਰੇ ਭਾਈ ਮਨਧੀਰ ਸਿੰਘ, ਖੇਤੀਬਾੜੀ ਤੇ ਵਾਤਾਵਰਣ ਚਿੰਤਨ ਨੇ ‘ਜੈਵਿਕ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਪ੍ਰਤੀਕਰਮ’ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਉਹਨਾਂ ਨੇ ਅਜਿਹੀਆਂ ਅੜਚਨਾਂ ਬਾਰੇ ਦੱਸਿਆ ਜਿਹੜੀਆਂ ਜੈਵਿਕ ਖੇਤੀ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਉਹਨਾਂ ਨੇ ਇਹਨਾਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ। ਸਰਦਾਰ ਹਰਪ੍ਰੀਤ ਸਿੰਘ ਲੈਕਚਰਾਰ, ਜੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਨੇ ਨੁਕਤਾ ਸਾਂਝਾ ਕਰਦਿਆਂ ਹੋਇਆਂ ਦੱਸਿਆ ਸਾਨੂੰ ਆਪਣੇ ਪਰਿਵਾਰ ਤੋਂ ਜੈਵਿਕ ਖੇਤੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋਂ ਘੱਟੋ-ਘੱਟ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਪ੍ਰਤੀ ਸੁਚੇਤ ਹੋ ਸਕੀਏ ਅਤੇ ਹੌਲੀ ਹੌਲੀ ਹੋਰਨਾਂ ਨੂੰ ਵੀ ਜਾਗਰੂਕ ਕਰਕੇ ਜੈਵਿਕ ਖੇਤੀ ਦਾ ਪਾਸਾਰ ਕੀਤੀ ਜਾਣਾ ਚਾਹੀਦਾ ਹੈ । ਸਰਦਾਰ ਅਵਤਾਰ ਸਿੰਘ, ਫਗਵਾੜਾ ਨੇ ਦੱਸਿਆ ਕਿ ਜੀਵਨ ਪੰਜ ਤੱਤਾਂ ਦੀ ਰਚਨਾ ਹੈ ਅਤੇ ਇਸ ਨੂੰ ਚਲਾਉਣ ਲਈ ਇਹ ਤੱਤਾਂ ਦਾ ਭਰਪੂਰ ਮਾਤਰਾ ਵਿੱਚ ਅਤੇ ਸਾਫ ਸੁਥਰਾ ਹੋਣਾ ਬਹੁਤ ਜਰੂਰੀ ਹੈ। ਧਰਤੀ (ਮਿੱਟੀ) ਇੱਕ ਅਜਿਹਾ ਤੱਤ ਹੈ ਜਿਸ ਤੋਂ ਅੱਗੇ ਸਾਰੇ ਤੱਥ ਨਿਕਲਦੇ ਹਨ ਜੋ ਜੀਵਨ ਲਈ ਅਤੀ ਲੋੜੀਦੇ ਹਨ ਅਤੇ ਜੇਕਰ ਪਹਿਲੇ ਤੱਤ ਮਿੱਟੀ ਨੂੰ ਹੀ ਦੂਸ਼ਿਤ ਕਰ ਦਿੱਤਾ ਤਾਂ ਇਸ ਦਾ ਪ੍ਰਭਾਵ ਸੁਭਾਵਿਕ ਤੌਰ ਤੇ ਹੀ ਬਾਕੀ ਸਾਰੇ ਤੱਤਾਂ ਉੱਪਰ ਪਵੇਗਾ ਅਤੇ ਇਸ ਦਾ ਅਸਰ ਸਾਡੀ ਸਿਹਤ ਉੱਪਰ ਦੇਖਣ ਨੂੰ ਮਿਲੇਗਾ। ਮੈਡਮ ਮਧੂਬੀਰ ਕੌਰ, ਵਿਸ਼ੇਸ਼ ਸਲਾਹਕਾਰ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਜੈਵਿਕ ਖੇਤੀ ਕਰਕੇ ਧਰਤੀ ਵਿਚਲੀ ਉਪਜਾਊ ਸ਼ਕਤੀ ਨੂੰ ਕੁਦਰਤੀ ਤੌਰ ਤੇ ਵਧਾ ਸਕਦੇ ਹਾਂ ਜੋ ਕਿ ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਕਰਕੇ ਖਤਮ ਹੋ ਚੁੱਕੀ ਹੈ। ਇਸ ਤੋਂ ਉਪਰੰਤ ਸ. ਜਗਰੂਪ ਸਿੰਘ ਵੱਲੋਂ ਨਿਸ਼ਾਨ-ਏ-ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਜੈਵਿਕ ਖੇਤੀ ਅਤੇ ਵਾਤਾਵਰਣ ਸੰਭਾਲ ਪ੍ਰਤੀ ਚਲਾਏ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਜੈਵਿਕ ਤਰੀਕੇ ਨਾਲ ਫਸਲਾਂ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਜਿਸ ਤੋਂ ਪੈਦਾ ਕੀਤੇ ਗਏ ਅਨਾਜ ਅਤੇ ਸਬਜ਼ੀਆਂ ਨੂੰ ਮਾਤਾ ਖੀਵੀ ਜੀ ਲੰਗਰ ਹਾਲ ਵਿੱਚ ਵਰਤਿਆ ਜਾਂਦਾ ਹੈ। ਜੈਵਿਕ ਤਰੀਕੇ ਨਾਲ ਪੈਦਾ ਕੀਤੇ ਗਏ ਅਨਾਜ ਦਾ ਔਸਤਨ ਝਾੜ ਵੀ ਬਹੁਤ ਵਧੀਆ ਨਿਕਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਵੀ ਵਾਧਾ ਹੋਵੇਗਾ। ਸਰਦਾਰ ਜਸਦੇਵ ਸਿੰਘ ਰਾਏ, ਡਾਇਰੈਕਟਰ ਐਸ. ਐਚ.ਆਰ.ਜੀ. ਲੰਡਨ ਨੇ ਇਸ ਸੈਮੀਨਾਰ ਵਿੱਚ ਆਏ ਹੋਏ ਬੁਲਾਰਿਆਂ ਦੁਆਰਾ ਦਿੱਤੇ ਗਏ ਭਾਸ਼ਣ ਦੀ ਬਹੁਤ ਪ੍ਰਸੰਸਾ ਕੀਤੀ। ਉਹਨਾਂ ਨੇ ਦੱਸਿਆਂ ਕਿ ਜੈਵਿਕ ਖੇਤੀ ਅਪਨਾਉਣਾ ਸਮੇਂ ਦੀ ਮੰਗ ਹੈ ਅਤੇ ਉਸ ਪਾਸੇ ਵੱਲ ਧਿਆਨ ਦੇਣ ਦੀ ਜਰੂਰਤ ਹੈ ਤਾਂ ਜੋ ਜ਼ਹਿਰੀਲੀ ਹੋ ਰਹੀ ਮਿੱਟੀ ਨੂੰ ਠੀਕ ਕਰਕੇ ਇੱਕ ਵਧੀਆ ਵਾਤਾਵਰਣ ਸਿਰਜਿਆ ਜਾ ਸਕੇ । ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਨੇ ਜ਼ੋਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਘੱਟੋ ਘੱਟ ਆਪਣੇ ਪਰਿਵਾਰ ਲਈ ਖੁਦ ਜੈਵਿਕ ਖੇਤੀ ਰਾਹੀਂ ਆਪਣੀਆਂ ਸਬਜੀਆਂ ਅਤੇ ਅਨਾਜ ਉਗਾਉਣਾ ਚਾਹੀਦਾ ਹੈ। ਉਹਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਪ੍ਰਤੀ ਕਾਰਜਾਂ ਬਾਰੇ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਬਾਬਾ ਸੇਵਾ ਸਿੰਘ ਜੀ ਵੱਲੋਂ ਆਏ ਹੋਏ ਮੁੱਖ ਮਹਿਮਾਨ, ਬੁਲਾਰੇ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਖੱਦਰ ਦੇ ਝੋਲੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸ. ਰਾਜਬੀਰ ਸਿੰਘ, ਪਿੰਗਲਵਾੜਾ, ਸ. ਅਵਤਾਰ ਸਿੰਘ ਬਾਜਵਾ, ਸਕੱਤਰ, ਭਾਈ ਵਰਿਆਮ ਸਿੰਘ, ਸਕੱਤਰ, ਸ. ਹਰਨੰਦਨ ਸਿੰਘ, ਸਕੱਤਰ, ਬਾਬਾ ਬਲਦੇਵ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਸਮੂਹ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਹਾਜ਼ਿਰ ਸਨ।