- +91-1859-237770
- khadurssahibkarsewa@gmail.com
- Khadur Sahib, Tarn-Taran, Punjab
NISHAN-E-SIKHI, KAAR SEWA KHADUR SAHIB
ਨਿਸ਼ਾਨ–ਏ–ਸਿੱਖੀ ਕਾਰ ਸੇਵਾ ਖਡੂਰ ਸਾਹਿਬ ਦੇ ਨੁਮਾਇੰਦਿਆਂ ਵੱਲੋਂ COP 29 ਬਾਕੂ ਵਿਖੇ ਕੁਦਰਤ ਪੱਖੀ ਖੇਤੀ ਅਤੇ ਜਲਵਾਯੂ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ
ਕੁਦਰਤ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ–ਏ–ਸਿੱਖੀ ਚੈਰੀਟੇਬਲ ਟਰੱਸਟ (ਰਜਿ🙂 ਖਡੂਰ ਸਾਹਿਬ ਦੀ ਤਰਫ਼ੋਂ ਤਿੰਨ ਮੈਂਬਰੀ ਵਫ਼ਦ ਬਾਬਾ ਗੁਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਅਜ਼ਰਬਾਈਜਾਨ ਬਾਕੂ ਵਿਖੇ ਯੂ.ਐਨ.ਐਫ.ਸੀ.ਸੀ.ਸੀ. ਵੱਲੋਂ ਆਯੋਜਿਤ ਜਲਵਾਯੂ ਤਬਦੀਲੀ ‘ਤੇ ਆਧਾਰਿਤ ਅੰਤਰ–ਰਾਸ਼ਟਰੀ ਸੰਮੇਲਨ– COP 29 ਵਿੱਚ ਸ਼ਮੂਲੀਅਤ ਵਾਸਤੇ ਪੁੱਜਾ। ਸੰਸਥਾ ਵੱਲੋਂ ਇੱਕ ਹਫ਼ਤੇ ਵਾਸਤੇ ਜਲਵਾਯੂ ਤਬਦੀਲੀ ਦੇ ਅੰਤਰਗਤ ਕਾਰਜਸ਼ੀਲ ਵਿਸ਼ਵ ਦੀਆਂ ਵੱਖ– ਵੱਖ ਸੰਸਥਾਵਾਂ ਨਾਲ ਪ੍ਰਦਰਸ਼ਨੀ ਖੇਮਾ ਸਾਂਝਾ ਕੀਤਾ ਗਿਆ ਅਤੇ ਖਡੂਰ ਸਾਹਿਬ ਵਿਖੇ ਚੱਲ ਰਹੇ ਵਾਤਾਵਰਣ ਅਤੇ ਜਲਵਾਯੂ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਡਾ. ਜਸਦੇਵ ਸਿੰਘ ਰਾਏ ਐੱਸ.ਐਚ.ਆਰ. ਜੀ. ਲੰਡਨ ਦੇ ਵਿਸ਼ੇਸ਼ ਸਹਿਯੋਗ ਨਾਲ ਵਿਸ਼ਵ ਦੇ ਵਿਭਿੰਨ ਖਿੱਤਿਆਂ ਵਿੱਚ ਜਲਵਾਯੂ ਤਬਦੀਲੀ ਦੇ ਅਲੱਗ–ਅਲੱਗ ਖੇਤਰਾਂ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਸੰਬੰਧਿਤ ਗਿਆਨ ਅਤੇ ਕਾਰਜ ਵਿਧੀਆਂ ਦੇ ਅਦਾਨ–ਪ੍ਰਦਾਨ ਸੰਬੰਧੀ ਆਪਸੀ ਤਾਲਮੇਲ, ਸਹਿਯੋਗ ਅਤੇ ਸਿਖਲਾਈ ਨੂੰ ਲੈ ਕੇ ਵੀਚਾਰ–ਵਟਾਂਦਰੇ ਕੀਤੇ ਗਏ ਤਾਂ ਜੋ ਜਲਵਾਯੂ ਤਬਦੀਲੀ ਅਤੇ ਇਸਦੇ ਪ੍ਰਭਾਵਾਂ ਨਾਲ ਨਜਿੱਠਣ ਵਾਸਤੇ ਵਿਸ਼ਵ ਪੱਧਰੀ ਲਾਮਬੰਦੀ ਕੀਤੀ ਜਾ ਸਕੇ। ਬਾਬਾ ਗੁਰਪ੍ਰੀਤ ਸਿੰਘ ਜੀ ਨੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਕੁਦਰਤ–ਪੱਖੀ ਖੇਤੀ ਅਤੇ ਜਲਵਾਯੂ ਨਿਆਂ ਆਧਾਰਿਤ ਇੱਕ ਸਾਈਡ–ਈਵੈਂਟ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਉਪਦੇਸ਼ਾਂ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਪ੍ਰੰਪਰਾਵਾਂ ਦੀ ਰੌਸ਼ਨੀ ਵਿੱਚ ਚੱਲ ਰਹੇ ਵਾਤਾਵਰਣ ਸੰਭਾਲ ਕਾਰਜਾਂ ਉੱਤੇ ਚਾਨਣਾ ਪਾਇਆ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਕੁਦਰਤ ਪੱਖੀ ਖੇਤੀ ਵਿੱਚ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਦੇ ਸੁਚੱਜੇ ਹੱਲ ਦੀ ਵਕਾਲਤ ਕਰਦਿਆਂ ਜਲਵਾਯੂ ਨਿਆਂ ਸੰਬੰਧੀ ਜ਼ਮੀਨੀ ਪੱਧਰ ਉੱਪਰ ਨੀਤੀ ਨਿਰਮਾਣ ਅਤੇ ਇਸਦੀ ਪਾਲਣਾ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਦੇ ਮਨੁੱਖਾਂ ਨੂੰ ਜਲਵਾਯੂ ਤਬਦੀਲੀ ਦੇ ਹੱਲ ਵਾਸਤੇ ਇਕਜੁੱਟ ਹੋ ਕੇ ਆਪਸੀ ਸਹਿਯੋਗ, ਸਦਭਾਵਨਾ, ਅਦਾਨ–ਪ੍ਰਦਾਨ ਅਤੇ ਤਾਲਮੇਲ ਦੇ ਨਾਲ ਵੱਖ–ਵੱਖ ਖਿੱਤਿਆਂ ਵਿੱਚ ਕਾਰਜ ਕਰਨੇ ਚਾਹੀਦੇ ਹਨ। ਇਸ ਵਫ਼ਦ ਵਿੱਚ ਬਾਬਾ ਗੁਰਪ੍ਰੀਤ ਸਿੰਘ ਜੀ ਦੇ ਨਾਲ ਸੂਬੇਦਾਰ ਬਲਬੀਰ ਸਿੰਘ ਅਤੇ ਲੈਕਚਰਾਰ ਜਗਰੂਪ ਸਿੰਘ ਵੀ ਸੰਸਥਾ ਦੇ ਨੁਮਾਇੰਦਿਆਂ ਵਜੋਂ ਸ਼ਾਮਿਲ ਸਨ। ਇਥੇ ਇਹ ਜ਼ਿਕਰਯੋਗ ਹੈ ਕਿ ਨਿਸ਼ਾਨ–ਏ–ਸਿੱਖੀ ਕਾਰ ਸੇਵਾ ਖਡੂਰ ਸਾਹਿਬ 1999 ਤੋਂ ਹੀ ਸੰਗਤ ਦੇ ਸਹਿਯੋਗ ਸਦਕਾ ਵਾਤਾਵਰਣ ਸੰਭਾਲ, ਜੈਵਿਕ ਵਿਭਿੰਨਤਾ ਅਤੇ ਕੁਦਰਤੀ ਖੇਤੀ ਸਮੇਤ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਕਈ ਹੋਰ ਸੇਵਾਵਾਂ ਵਿੱਚ ਲਗਾਤਾਰ ਵੱਡੇ ਪੱਧਰ ਉੱਤੇ ਕਾਰਜਸ਼ੀਲ ਹੈ ਅਤੇ ਗੁਰੂ ਕਿਰਪਾ ਸਦਕਾ ਇਹ ਉਪਰੋਕਤ ਕਾਰਜ ਅੱਜ ਵੀ ਨਿਰੰਤਰ ਜਾਰੀ ਹਨ। ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਅਜ਼ਰਬਾਈਜਾਨ ਦੇਸ ਦੀ ਰਾਜਧਾਨੀ ਬਾਕੂ ਵਿਖੇ ਆਯੋਜਿਤ ਵਿਸ਼ਵ ਦੇ ਸਭ ਤੋਂ ਵੱਡੇ ਜਲਵਾਯੂ ਸੰਮੇਲਨ COP 29 ਵਿੱਚ ਇਸ ਵਾਰ ਲਗਭਗ 200 ਮੁਲਕਾਂ ਦੇ ਸਰਕਾਰੀ ਅਤੇ ਗੈਰ–ਸਰਕਾਰੀ ਸੰਗਠਨ, ਵਿਸ਼ਵ ਪੱਧਰੀ ਸੰਸਥਾਵਾਂ, ਵਿੱਦਿਅਕ ਅਤੇ ਖੋਜ ਅਦਾਰੇ, ਸਮਾਜਿਕ ਅਤੇ ਨਾਗਰਿਕ ਸਮੂਹ ਭਾਗ ਲਿਆ।