- +91-1859-237770
- khadurssahibkarsewa@gmail.com
- Khadur Sahib, Tarn-Taran, Punjab
NISHAN-E-SIKHI, KAAR SEWA KHADUR SAHIB
ਵਿਕਰਮਜੀਤ ਸਿੰਘ ਤਿਹਾੜਾ
ਮਨੁੱਖ ਨੂੰ ਵੱਖ-ਵੱਖ ਸਮੇਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਅੱਜ ਵੀ ਕਰ ਰਿਹਾ ਹੈ। ਅਜੋਕੇ ਸਮੇਂ ਦੌਰਾਨ ਮਨੁੱਖੀ ਹੋਂਦ ਅਤੇ ਸਾਡੇ ਗ੍ਰਹਿ ਧਰਤੀ ਨਾਲ ਜੁੜੀ ਹੋਈ ਬਹੁਤ ਹੀ ਮਹੱਤਵਪੂਰਨ ਸਮੱਸਿਆ ਹੈ ਵਾਤਾਵਰਣ ਪ੍ਰਦੂਸ਼ਣ ਦੀ। ਮਨੁੱਖ ਨੇ ਆਪਣੇ ਲਾਲਚੀ ਅਤੇ ਖੁਦਗਰਜ਼ ਸੁਭਾਅ ਕਾਰਨ ਆਪਣੇ ਰਹਿਣ-ਬਸੇਰੇ ਨੂੰ ਹੀ ਤਬਾਹ ਕਰਨਾ ਆਰੰਭ ਕਰ ਦਿੱਤਾ। ਕੁਦਰਤ ਨੇ ਮਨੁੱਖ ਦੀ ਹਰ ਲੋੜ ਨੂੰ ਪੂਰਾ ਕੀਤਾ, ਪਰ ਇਹ ਮਨੁੱਖ ਆਪਣੀਆਂ ਲੋੜਾਂ ਤੱਕ ਸੀਮਿਤ ਨਾ ਰਿਹਾ ਅਤੇ ਆਪਣੀ ਹੱਦ ਟੱਪਣ ਲੱਗਾ। ਕੁਦਰਤ ਪਾਸ ਮਨੁੱਖੀ ਲੋੜਾਂ ਦੀ ਪੂਰਤੀ ਵਾਸਤੇ ਭਰਪੂਰ ਭੰਡਾਰੇ ਨੇ ਪਰ ਮਨੁੱਖੀ ਲਾਲਸਾ ਅਤੇ ਸੁਆਰਥ ਦੇ ਵਾਸਤੇ ਕੁਝ ਵੀ ਨਹੀਂ। ਮਨੁੱਖ ਕੁਦਰਤ ਨਾਲੋਂ ਟੁੱਟ ਰਿਹਾ ਹੈ ਅਤੇ ਕੁਦਰਤ ਨਾਲ ਆਪਣਾ ਰਿਸ਼ਤਾ ਬੇਗਾਨਿਆਂ ਵਾਲਾ ਬਣਾ ਰਿਹਾ ਹੈ। ਕਿਸੇ ਵੀ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਮਨੁੱਖ ਨੇ ਆਪਣੀ ਲੁੱਟ ਜਾਰੀ ਰੱਖੀ ਹੈ। ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਕੁਦਰਤ ਨਾਲ ਕੀਤੀ ਛੇੜ-ਛਾੜ ਮਨੁੱਖ ਨੂੰ ਮਹਿੰਗੀ ਪੈ ਰਹੀ ਹੈ। ਕਈ ਪ੍ਰਕਾਰ ਦੀਆਂ ਨਵੀਆਂ ਸਮੱਸਿਆਵਾਂ ਹੋਂਦ ਵਿੱਚ ਆਈਆਂ ਜਿਨ੍ਹਾਂ ਵਿੱਚ ਮਨੁੱਖ ਨੂੰ ਹੁਣ ਆਪਣਾ ਅੰਤ ਸਾਫ਼ ਨਜ਼ਰ ਆ ਰਿਹਾ ਹੈ। ਆਪਣੇ ਅੰਤ ਤੋਂ ਘਬਰਾਇਆ ਹੋਇਆ ਮਨੁੱਖ ਹੁਣ ਹੱਥ ਪੱਲੇ ਮਾਰ ਰਿਹਾ ਹੈ।
ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਕਿਸੇ ਵਿਸ਼ੇਸ਼ ਇੱਕ ਖਿੱਤੇ, ਸਥਾਨ, ਇਲਾਕੇ ਜਾਂ ਦੇਸ਼ ਦੀ ਨਹੀਂ ਸਗੋਂ ਇਹ ਪੂਰੀ ਧਰਤੀ ਅਤੇ ਮਾਨਵੀ ਜਾਤੀ ਦੀ ਹੈ। ਕਿਉਂਕਿ ਇਸ ਨਾਲ ਹੀ ਮਨੁੱਖੀ ਹੋਂਦ ਖੜ੍ਹੀ ਹੋਈ ਹੈ। ਅਜਿਹੀ ਸਥਿਤੀ ਵਿੱਚ ਲੋੜ ਹੈ ਕਿ ਮਨੁੱਖ ਜਾਗੇ ਅਤੇ ਆਪਣੀਆਂ ਅੱਖਾਂ ਅੱਗੋਂ ਸੁਆਰਥ ਅਤੇ ਲਾਲਸਾ ਦੀ ਪੱਟੀ ਨੂੰ ਖੋਲ੍ਹ ਕੇ ਫਿਰ ਤੋਂ ਕੁਦਰਤ ਦੀ ਗੋਦ ਵਿੱਚ ਜਾਣ ਲਈ ਯਤਨਸ਼ੀਲ ਹੋਵੇ। ਐਸੇ ਬਿਖੜੇ ਸਮੇਂ ਵਿੱਚ ਹਰ ਪ੍ਰਾਣੀ ਅਤੇ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਸਮਝੇ। ਅਜਿਹੇ ਯਤਨ ਹੋ ਵੀ ਰਹੇ ਹਨ। ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਸੰਸਥਾਵਾਂ ਅਜਿਹੇ ਮਹਾਨ ਕਾਰਜਾਂ ਵਿੱਚ ਅੱਗੇ ਆਈਆਂ ਜਿਨ੍ਹਾਂ ਨੇ ਵਾਤਾਵਰਣ ਸਾਂਭ ਸੰਭਾਲ ਲਈ ਆਪਣੇ ਪ੍ਰੋਗਰਾਮ ਉਲੀਕੇ ਅਤੇ ਉਹਨਾਂ ਨੂੰ ਨਿਭਾਇਆ। ਕਾਰ-ਸੇਵਾ ਖਡੂਰ ਸਾਹਿਬ ਵੀ ਅਜਿਹੀ ਮਹਾਨ ਸੰਸਥਾ ਹੈ। ਜਿਸ ਨੇ ਵਾਤਾਵਰਣ ਦੀ ਸਾਂਭ-ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਅਤੇ ਇਸ ਸੰਬੰਧ ਵਿਚ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ।
ਕਾਰ ਸੇਵਾ ਖਡੂਰ ਸਾਹਿਬ ਇੱਕ ਧਾਰਮਿਕ ਸੰਸਥਾ ਹੈ ਪਰ ਇਸ ਸੰਸਥਾ ਨੇ ਆਪਣੇ ਕਾਰਜਾਤਮਿਕ ਘੇਰੇ ਵਿੱਚ ਧਾਰਮਿਕਤਾ ਦੇ ਨਾਲ ਸਮਾਜਿਕ ਖੇਤਰ ਨੂੰ ਵੀ ਸ਼ਾਮਿਲ ਕੀਤਾ ਹੈ। ਇਸ ਦੇ ਤਹਿਤ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ, ਖੇਡਾਂ ਵੱਲ ਧਿਆਨ ਦੇਣਾ, ਪੁਲ ਆਦਿਕ ਬਣਾਉਂਣੇ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਉਪਰਾਲੇ ਕਰਨੇ ਵੀ ਇਸ ਸੰਸਥਾ ਦੀਆਂ ਯੋਜਨਾਵਾਂ ਵਿੱਚ ਸ਼ਾਮਿਲ ਹਨ।
ਸੰਨ 2004 ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਤਾਬਦੀ (500 ਸਾਲਾ) ਪ੍ਰਕਾਸ਼ ਗੁਰਪੁਰਬ ਨੂੰ ਇੱਕ ਵਿਲੱਖਣ ਢੰਗ ਨਾਲ ਮਨਾਉਂਣ ਲਈ ਲਗਪਗ ਪੰਜ ਸਾਲ ਪਹਿਲਾਂ ਸੰਨ 1999 ਤੋਂ ਕਾਰ ਸੇਵਾ ਵੱਲੋਂ ਪੰਜ ਕਾਰਜ ਉਲੀਕੇ ਗਏ, ਜਿੰਨ੍ਹਾਂ ਵਿੱਚੋਂ ਇਕ ਕਾਰਜ ਵਾਤਾਵਰਣ ਸੰਬੰਧੀ ਪਰਿਯੋਜਨਾਵਾਂ ਨੂੰ ਕਾਰ ਸੇਵਾ ਖਡੂਰ ਸਾਹਿਬ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਗਿਆ। ਇਹ ਬਾਬਾ ਸੇਵਾ ਸਿੰਘ ਜੀ ਦੀ ਦੂਰ-ਦ੍ਰਿਸ਼ਟੀ ਸੀ ਕਿ ਉਨ੍ਹਾਂ ਨੇ ਸ਼ਤਾਬਦੀ ਨੂੰ ਵਿਲੱਖਣ ਢੰਗ ਨਾਲ ਮਨਾਉਂਣ ਬਾਰੇ ਸੋਚਿਆ ਅਤੇ ਇੱਕ ਹਰਿਆ ਭਰਿਆ ਵਾਤਾਵਰਣ ਸਿਰਜ ਕੇ ਸ਼ਤਾਬਦੀ ਨੂੰ ਯਾਦਗਾਰੀ ਬਣਾ ਦਿੱਤਾ। ਸ਼ਤਾਬਦੀ ਤੋਂ ਬਾਅਦ ਵਾਤਾਵਰਣ ਸੰਭਾਲ ਮੁਹਿੰਮ ਦਾ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਗਿਆ। ਪੰਜਾਬ ਤੋਂ ਬਾਹਰ ਦਿੱਲੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੱਕ ਹਰਿਆਲੀ ਨੂੰ ਪਹੁੰਚਾਇਆ ਗਿਆ। ਕਾਰ ਸੇਵਾ ਖਡੂਰ ਸਾਹਿਬ ਵਲੋਂ ਵਾਤਾਵਰਣ ਸੰਭਾਲ ਮੁਹਿੰਮ ਤਹਿਤ ਕੀਤੇ ਗਏ ਅਤੇ ਨਿਰੰਤਰ ਜਾਰੀ ਕਾਰਜ ਹੇਠ ਲਿਖੇ ਹਨ: