NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਪਾਣੀ ਦੀ ਘਾਟ ਕਾਰਨ ਵਾਪਰ ਰਹੀਆਂ ਤਬਦੀਲੀਆਂ

ਨਿਸ਼ਾਨ ਏ ਸਿੱਖੀ ਮੀਡੀਆ ਡੈਸਕ ਤੋਂ

ਉਂਝ ਤਾਂ ਕੈਨੇਡਾ ਤੋਂ ਬਿਨਾ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾਣ ਲਗੀ ਹੈ, ਪਰ 31 ਦੇਸ਼ਾਂ ਵਿੱਚ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇੱਥੇ ਅਸੀਂ ਉਨ੍ਹਾਂ ਕੁੱਝ ਖਾਸ ਥਾਵਾਂ ਦਾ ਜਿਕਰ ਕਰਾਂਗੇ ਜਿੱਥੇ ਪਾਣੀ ਬਿਲਕੁਲ ਖਤਮ ਹੋ ਚੁਕਾ ਹੈ ਜਾਂ ਖਤਮ ਹੋਣ ਦੇ ਕਿਨਾਰੇ ਹੈ। 1) ਅਮਰੀਕਾ ਦੇ ਟਕਸਨ ਇਲਾਕੇ ਵਿੱਚ ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦਾ ਜਮੀਨਦੋਜ਼ ਪੱਧਰ 1500 ਫੁੱਟ ਤੱਕ ਡੂੰਘਾ ਹੋ ਗਿਆ ਹੈ। ਜਿਸ ਕਾਰਨ ਹੁਣ ਇਹ ਸ਼ਹਿਰ ਆਪਣੇ ਲੋਕਾਂ ਨੂੰ ਖੇਤੀ ਅਤੇ ਪੀਣ ਲਈ ਪਾਣੀ ਕੋਲਰਾਡੋ ਨਦੀ ਤੋਂ ਖਰੀਦ ਕੇ ਦੇ ਰਿਹਾ ਹੈ। 2) ਮੈਕਸੀਕੋ ਸ਼ਹਿਰ ਦੇ ਦੁਆਲੇ ਪਿਛਲੀ ਸਦੀ ਵਿੱਚ ਐਨਾ ਪਾਣੀ ਸੀ ਕਿ ਇਹ ਇਕ ਟਾਪੂ ਦੀ ਤਰ੍ਹਾਂ ਲੱਗਦਾ ਸੀ। ਪਾਣੀ ਦੀ ਦੁਰਵਰਤੋਂ ਕਾਰਨ ਅੱਜ ਸਥਿਤੀ ਇਹ ਹੈ ਕਿ ਸ਼ਹਿਰ ਦੇ ਆਲੇ ਦੁਆਲੇ ਦਾ ਪਾਣੀ ਤਾਂ ਖਤਮ ਹੋ ਹੀ ਗਿਆ ਹੈ ਸਗੋਂ ਧਰਤੀ ਹੇਠਲਾ ਪਾਣੀ ਆਉਣ ਵਾਲੇ ਦਸ ਸਾਲਾਂ ਵਿੱਚ ਮੁੱਕਣ ਕਿਨਾਰੇ ਹੈ। ਇਸ ਸ਼ਹਿਰ ਦੇ ਜਮੀਨਦੋਜ਼ ਪਾਣੀ ਦੇ ਪਹਿਲੇ ਪੱਤਣ ਦੇ ਖਤਮ ਹੋ ਜਾਣ ਕਾਰਨ ਅੱਜ ਇਹ ਸ਼ਹਿਰ ਇਕ ਸਾਲ ਵਿੱਚ ਲਗਭਗ 20 ਇੰਚ ਧਰਤੀ ਵਿੱਚ ਧੱਸ ਜਾਂਦਾ ਹੈ। ਭਾਵ ਇਹ ਸ਼ਹਿਰ ਗਰਕ ਹੋ ਰਿਹਾ ਹੈ। ਹੁਣ ਤੱਕ ਇਹ ਸ਼ਹਿਰ 30 ਫੁੱਟ ਜ਼ਮੀਨ ਵਿੱਚ ਧੱਸ ਚੁੱਕਿਆ ਹੈ। 3) ਇਸਰਾਈਲ ਦੀ ਹੁਲ੍ਹੇ ਘਾਟੀ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋ ਚੁੱਕਾ ਹੈ। ਜਮੀਨਦੋਜ਼ ਪਾਣੀ ਦਾ ਹੇਠਲਾ ਪੱਧਰ ਖਤਮ ਹੋ ਜਾਣ ਕਾਰਨ ਉਸ ਪੱਤਣ ਵਿੱਚ ਵੱਡੇ-ਵੱਡੇ ਟੋਏ ਬਣ ਜਾਂਦੇ ਹਨ। ਜਿਸ ਕਾਰਨ ਇਸ ਘਾਟੀ ਵਿੱਚ 2 ਮੀਟਰ ਤੋਂ ਲੈ ਕੇ ਪੂਰੇ-ਪੂਰੇ ਘਰ ਇਹਨਾਂ ਟੋਇਆਂ ਵਿੱਚ ਧੱਸ ਰਹੇ ਹਨ ਭਾਵ ਧਰਤੀ ਵਿੱਚ ਗਰਕ ਰਹੇ ਹਨ। 4) ਜੌਰਡਨ ਵਿੱਚ ਇੱਕ ਅਜਰਾਕ ਨਾਂ ਦਾ ਇਕ ਨਖਲਿਸਤਾਨ ਹੋਇਆ ਕਰਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਸੀ। 1980 ਵਿੱਚ ਜੌਰਡਨ ਨੇ ਇਸ ਨਖਲਿਸਤਾਨ ਤੋਂ ਪਾਣੀ ਕੱਢਣਾ ਸ਼ੁਰੂ ਕੀਤਾ। ਅੱਜ ਇਸ ਨਖਲਿਸਤਾਨ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਇਹ ਗੰਦਗੀ ਦੇ ਢੇਰ ਵਿਚ ਬਦਲ ਚੁਕਾ ਹੈ। 5.)  ਲਿਬੀਆ ਨੇ ਆਪਣਾ ਸਾਰਾ ਜਮੀਨਦੋਜ਼ ਪਾਣੀ ਖਤਮ ਕਰ ਲਿਆ ਤੇ ਅੱਜ ਲਿਬੀਆ 1850 ਕਿਲੋਮੀਟਰ ਦੂਰ ਕੁਫਰਾ ਬੇਸਨ ਤੋਂ ਪੀਣ ਲਈ ਪਾਈਪਾਂ ਨਾਲ ਪਾਣੀ ਮੰਗਾ ਰਿਹਾ ਹੈ। 6.) ਅਫਗਾਨਿਸਤਾਨ, ਇਰਾਨ ਅਤੇ ਪੰਜ ਹੋਰ ਰੂਸੀ ਦੇਸ਼ਾਂ ਦੇ ਦਰਮਿਆਨ ਦੁਨੀਆਂ ਦੀ ਚੌਥੀ ਵੱਡੀ ਝੀਲ ਫੈਲੀ ਹੋਈ ਸੀ ਜਿਸਦਾ ਨਾਂਅ ਇਰਾਲ ਸੀ। ਇਸ ਦਾ ਅੱਜ 80% ਖੇਤਰ ਸੁੱਕ ਚੁੱਕਾ ਹੈ।
ਦੁਨੀਆਂ ਵਿੱਚ ਸਭ ਤੋਂ ਵੱਧ ਤੇਜੀ ਨਾਲ ਜਿਨ੍ਹਾਂ ਥਾਵਾਂ ਦਾ ਪਾਣੀ ਖਤਮ ਹੋ ਰਿਹਾ ਹੈ ਉਨ੍ਹਾਂ ਥਾਵਾਂ ਵਿੱਚੋਂ ਪੰਜਾਬ ਵੀ ਇੱਕ ਹੈ।
ਪੰਜਾਬ ਵਿੱਚ ਘੱਟ ਰਹੇ ਪਾਣੀ ਦਾ ਵਾਤਾਵਰਨ ’ਤੇ ਮਾੜਾ ਪ੍ਰਭਾਵ
ਪਿਛਲੇ ਕੁਝ ਸਮੇਂ ਵਿੱਚ ਦਰਿਆਵਾਂ ਵਿੱਚ ਸਹੀ ਮਾਤਰਾ ਵਿਚ ਪਾਣੀ ਨਹੀਂ ਵਗ ਰਿਹਾ ਹੈ ਜਿਸ ਦਾ ਪ੍ਰਮੁੱਖ ਕਾਰਨ ਪਣ-ਬਿਜਲੀ ਪੈਦਾਵਾਰ ਲਈ ਬਣਾਏ ਬੰਨ੍ਹ ਅਤੇ ਦੂਸਰੇ ਸੂਬਿਆਂ ਨੂੰ ਪਾਣੀ ਦੇਣ ਲਈ ਕੱਢੀਆਂ ਨਹਿਰਾਂ ਹਨ। ਇਸੇ ਕਰਕੇ ਹੀ ਪੰਜਾਬ ਵਿੱਚ ਸਿੰਚਾਈ ਲਈ ਜ਼ਮੀਨ ਹੇਠਲਾ ਪਾਣੀ ਅੰਨ੍ਹੇਵਾਹ ਵਰਤਿਆ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 1970 ਵਿੱਚ ਪੰਜਾਬ ਵਿੱਚ ਲਗਭਗ 1.70 ਲੱਖ ਟਿਊਬਵੈਨ ਸਨ ਜਿਨ੍ਹਾਂ ਦੀ ਸੰਖਿਆ ਹੁਣ 16 ਲੱਖ ਨੂੰ ਪਹੁੰਚ ਚੁੱਕੀ ਹੈ। ਸਿੰਚਾਈ ਦੇ ਅਪਣਾਏ ਇਸ ਮਾਡਲ ਸਦਕਾ ਹੀ ਦਰੱਖਤ ਜਾਂ ਤਾਂ ਕੱਟੇ ਜਾ ਰਹੇ ਹਨ ਜਾਂ ਸੁੱਕ ਰਹੇ ਹਨ। ਜਿੱਥੇ ਇਹ ਦਰੱਖਤ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਾਉਦੇ ਹਨ ਉੱਥੇ ਨਾਲ-ਨਾਲ ਹੀ ਇਹ ਬਰਸਾਤਾਂ ਲਿਆਉਣ ਵਿੱਚ ਵੀ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਦਰੱਖਤਾਂ ਦੀ ਕਮੀ ਤਾਪਮਾਨ ਵਿੱਚ ਵੀ ਵਾਧਾ ਕਰਦੀ ਹੈ ਜੋ ਕਿ ਅੱਜ ਕਲ ਸਾਰੀ ਦੁਨੀਆਂ ਦੀ ਚਿੰਤਾ ਦਾ ਪ੍ਰਮੁੱਖ ਵਿਸ਼ਾ ਹੈ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਮੀਂਹ ਦੀ ਘਾਟ ਦਾ ਇੱਕ ਕਾਰਨ ਇਨ੍ਹਾਂ ਦਰੱਖਤਾਂ ਦੀ ਕਮੀ ਵੀ ਹੈ। ਮਾਹਰਾਂ ਅਨੁਸਾਰ ਜੇ ਪਾਣੀ ਇਸੇ ਰਫਤਾਰ ਨਾਲ ਹੀ ਖਤਮ ਹੁੰਦਾ ਰਿਹਾ ਤਾਂ ਜਲਦ ਹੀ ਇਹ ਜਰਖੇਜ ਜਮੀਨ ਮਾਰੂਥਲ ਵਿੱਚ ਬਦਲ ਜਾਵੇਗੀ। ਪਾਣੀ ਦੀ ਇਹ ਕਮੀ ਵਾਤਾਵਰਨ ਦਾ ਸਾਰਾ ਤਵਾਜਨ ਵਿਗਾੜ ਦੇਵੇਗੀ ਜੋ ਕਿ ਜੀਵਨ ਦੀ ਹੋਂਦ ਲਈ ਖਤਰਾ ਬਣ ਜਾਵੇਗਾ। ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਜੇ ਪਾਣੀ ਇਸੇ ਤਰ੍ਹਾਂ ਹੀ ਲੁਟਾਉਣਾ ਹੈ ਤਾਂ ਜਲਦ ਹੀ ਮਾਰੂਥਲ ਵਿੱਚ ਰਹਿਣ ਦੀ ਤਿਆਰੀ ਬੰਨ ਲਵੋ।
ਖਰਾਬ ਪਾਣੀ ਦੀ ਵਰਤੋਂ ਨਾਲ ਪੰਜਾਬ ਦੇ ਲੋਕਾਂ ਦੀ ਸਿਹਤ ਉੱਪਰ ਅਸਰ
ਇਕ ਪਾਸੇ ਤਾਂ ਧਰਤੀ ਹੇਠਲੇ ਪਾਣੀ ਦੇ ਉੱਕਾ ਹੀ ਖਤਮ ਹੋ ਜਾਣ ਦੀ ਗੱਲ ਹੈ ਤੇ ਦੂਜੇ ਪਾਸੇ ਪਾਣੀ ਹੋਣ ਦੇ ਬਾਵਜੂਦ ਵੀ ਉਸ ਦੇ ਪ੍ਰਦੂਸ਼ਿਤ ਹੋਣ ਕਰਕੇ ਵਰਤੋਂ ਯੋਗ ਨਾ ਹੋਣਾ ਹੈ। ਧਰਤੀ ਦਾ ਬਹੁਤਾ ਹਿੱਸਾ (ਲਗਭਗ 71 ਫੀਸਦੀ) ਪਾਣੀ ਨਾਲ ਢੱਕਿਆ ਹੋਇਆ ਹੈ ਪਰੰਤੂ ਇਸ ਵਿੱਚੋਂ ਕੇਵਲ 2 ਫੀਸਦੀ ਹੀ ਪੀਣ ਯੋਗ ਹੈ। ਬਾਕੀ ਸਾਰਾ ਪਾਣੀ ਮਨੁੱਖੀ ਵਰਤੋਂ ਦੇ ਯੋਗ ਨਹੀਂ ਹੈ। ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਕੁਦਰਤ ਨੇ ਉਸਨੂੰ ਸਾਫ ਪਾਣੀ ਦੀ ਵੱਡਮੁੱਲੀ ਦਾਤ ਬਖਸ਼ੀ ਹੈ। ਪਰੰਤੂ ਅਸੀਂ ਬਹੁਤ ਛੇਤੀ ਹੀ ਸਰਕਾਰਾਂ ਦੀ ਅਣਗਹਿਲੀ ਕਰਕੇ ਇਸ ਦਾਤ ਤੋਂ ਵਾਂਝੇ ਹੋ ਸਕਦੇ ਹਾਂ। ਲੁਧਿਆਣੇ ਵਰਗੇ ਸ਼ਹਿਰ ਵਿਚ ਰੋਜ਼ਾਨਾ ਕਈ ਲੱਖ ਲੀਟਰ ਜ਼ਹਿਰੀਲਾ ਪਾਣੀ ਸਿੱਧਾ ਹੀ ਦਰਿਆਵਾਂ ਵਿੱਚ ਰੋੜ ਦਿੱਤਾ ਜਾਂਦਾ ਹੈ। ਇਸ ਦੇ ਸਿੱਟੇ ਸਦਕਾ ਲੁਧਿਆਣੇ ਵਿਖੇ ਗੰਦੇ ਨਾਲ਼ੇ ਦੇ ਆਸ ਪਾਸ ਧਰਤੀ ਹੇਠਲਾ ਪਾਣੀ ਬਿਲਕੁਲ ਹੀ ਪੀਣ ਯੋਗ ਨਹੀਂ ਰਿਹਾ ਹੈ। ਇਸ ਜ਼ਹਿਰ ਦਾ ਅਸਰ ਸ਼ਹਿਰ ਵਿਚ ਹੋਣ ਵਾਲੀਆਂ ਸਬਜ਼ੀਆਂ ਤੇ ਵੀ ਪਿਆ ਹੈ। ਇਸ ਤੋਂ ਇਲਾਵਾ ਲਗਭਗ 30 ਕੀਟਨਾਸ਼ਕ ਦਵਾਈਆਂ ਜੋ ਕਿ ਭਾਰਤ ਵਿੱਚ ਪਾਬੰਦੀ ਦੇ ਬਾਵਜੂਦ ਵੀ ਪੰਜਾਬ ਵਿੱਚ ਆਮ ਵਰਤੋਂ ਵਿਚ ਹਨ। ਇਨ੍ਹਾਂ ਦਵਾਈਆਂ ਸਦਕਾ ਜਿੱਥੇ ਮਨੁੱਖੀ ਸਿਹਤ ਉੱਤੇ ਮਾੜੇ ਪ੍ਰਭਾਵ ਪੈ ਰਹੇ ਹਨ ਅਤੇ ਨਾਲ ਹੀ ਇਹ ਪੀਣ ਵਾਲੇ ਪਾਣੀ ਵਿਚ ਵੀ ਸਮਾ ਰਹੀਆਂ ਹਨ। ਮੁਕਤਸਰ, ਮਾਨਸਾ ਅਤੇ ਬਠਿੰਡਾ ਜਿਲ੍ਹੇ ਵਿੱਚ ਵੱਧ ਰਹੇ ਕੈਂਸਰ ਦਾ ਪ੍ਰਮੁੱਖ ਕਾਰਣ ਵੀ ਦੂਸ਼ਿਤ ਪਾਣੀ ਹੀ ਹੈ। ਇਨ੍ਹਾਂ ਜਿਲ੍ਹਿਆਂ ਵਿੱਚ ਪਾਣੀ ਵਿੱਚ ਆਰਸੈਨਿਕ ਵਰਗੇ ਜਹਿਰੀਲੇ ਪਦਾਰਥ ਪਾਏ ਗਏ ਹਨ। ਇਸ ਤੋਂ ਇਲਾਵਾ ਹੱਡੀਆਂ ਅਤੇ ਦੰਦਾਂ ਦੇ ਰੋਗ ਵੀ ਇਨ੍ਹਾਂ ਖੇਤਰਾਂ ਵਿੱਚ ਆਮ ਹੀ ਹਨ। ਇਨ੍ਹਾਂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਲਈ ਕਈ ਪਿੰਡਾਂ ਦੇ ਲੋਕਾਂ ਨੂੰ ਅੱਠ ਤੋਂ ਦੱਸ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਲੋਮੀਟਰ ਰੋਜ਼ਾਨਾ ਸਫਰ ਕਰਨਾ ਪੈਂਦਾ ਹੈ। ਬੰਨ੍ਹ ਬਣਾਏ ਜਾਣ ਕਾਰਨ ਅਸੀਂ ਧਰਤੀ ਹੇਠਲੇ ਪਾਣੀ ਨੂੰ ਟਿਊਬਵੈਲਾਂ ਦੁਆਰਾ ਖੇਤੀ ਅਤੇ ਪੀਣ ਲਈ ਵਰਤਿਆ। ਜਿਸ ਦਾ ਤੋਹਫਾ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਦੇ ਰੂਪ ਵਿੱਚ ਮਿਲਿਆ। ਜੇ ਅੱਜਕਲ ਪੰਜਾਬ ਦੇ ਹਸਪਤਾਲਾਂ ਵਿੱਚ ਵੇਖੀਏ ਤਾਂ ਪੀਣ ਵਾਲੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਾਲਾ ਪੀਲੀਆ, ਹੈਜਾ, ਹੈਪੇਟਾਈਟਸ, ਤਪਦਿਕ, ਹਾਈ ਬਲੱਡ ਪ੍ਰੈਸ਼ਰ ਅਤੇ ਪੇਟ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ ਵੱਡੀ ਸੰਖਿਆਂ ਵਿੱਚ ਮਿਲ ਜਾਣਗੇ। ਮਨੁੱਖ ਉੱਤੇ ਨਹੀਂ ਬਲਕਿ ਦੂਸ਼ਿਤ ਪਾਣੀ ਦਾ ਮਾਰੂ ਪ੍ਰਭਾਵ ਸਾਰੇ ਵਾਤਾਵਰਨ ਤੇ ਪਸ਼ੂ-ਪੰਛੀਆਂ ਤੇ ਵੀ ਪਿਆ ਹੈ। ਹਰੀਕੇ ਵਿੱਚ ਹਜਾਰਾਂ ਟਨ ਮੱਛੀਆਂ ਦੀ ਮੌਤ ਦਾ ਪ੍ਰਮੁੱਖ ਕਾਰਨ ਵੀ ਦਰਿਆਵਾਂ ਵਿੱਚ ਰੋੜਿਆ ਜ਼ਹਿਰੀਲਾ ਪਾਣੀ ਹੀ ਹੈ। ਪੀ.ਜੀ.ਆਈ, ਚੰਡੀਗੜ੍ਹ ਦੀ ਇਕ ਰਿਪੋਰਟ ਵਿੱਚ ਇੱਥੋਂ ਤੱਕ ਕਿਹਾ ਗਿਆ ਹੈ ਕਿ ਦੂਸ਼ਿਤ ਪਾਣੀ ਦੀ ਵਰਤੋਂ ਕਾਰਨ ਪੰਜਾਬ ਦੇ ਲੋਕਾਂ ਦੇ ਡੀ.ਐਨ.ਏ. (4ਂ1) ਵਿੱਚ ਤਬਦੀਲੀ ਆ ਰਹੀ ਹੈ ਭਾਵ ਪੰਜਾਬ ਵਿੱਚ ਮਨੁੱਖ ਦੇ ਨਸਲੀ ਗੁਣ ਹੀ ਬਦਲ ਰਹੇ ਹਨ।
 ਪੰਜਾਬ ਵਿਚ ਜਮੀਨੀ ਪਾਣੀ ਦੀ ਸਥਿਤੀ
ਪੰਜਾਬ ਦੇ ਜਮੀਨੀ ਪਾਣੀ ਦੇ ਹਾਲਾਤ ਬਹੁਤ ਜਿਆਦਾ ਗੰਭੀਰ ਹਨ। ਤਾਜਾ ਸਰਵੇਖਣਾਂ ਮੁਤਾਬਿਕ ਪੰਜਾਬ ਦੇ 138 ਵਿਚੋਂ 112 ਬਲਾਕਾਂ ਵਿੱਚ ਪਾਣੀ ਖਤਰੇ ਦੀ ਹਾਲਤ ਤੱਕ ਥੱਲੇ ਚਲਾ ਗਿਆ ਹੈ। ਬਾਕੀ ਬਚਦੇ ਬਲਾਕਾਂ ਵਿਚੋਂ ਵੀ ਬਹੁਤੇ ਉਹ ਹਨ ਜਿਨ੍ਹਾਂ ਦਾ ਪਾਣੀ ਖਾਰਾ ਹੋਣ ਕਾਰਨ ਵਰਤਣਯੋਗ ਨਹੀਂ ਹੈ। ਧਰਤੀ ਹੇਠਲਾ ਪਾਣੀ ਕੱਢਣ ਨਾਲ ਪਾਣੀ ਵਾਲੀ ਜਗ੍ਹਾ ਖਾਲੀ ਹੋ ਜਾਂਦੀ ਹੈ। ਜਿਨ੍ਹਾਂ ਥਾਵਾਂ ਉੱਤੇ ਧਰਤੀ ਹੇਠਲੇ ਪਾਣੀ ਦੀ ਪੂਰੀ ਤਹਿ ਖਾਲੀ ਹੋ ਜਾਂਦੀ ਹੈ ਉਨ੍ਹਾਂ ਥਾਵਾਂ ਉੱਪਰ ਕਈ ਵਾਰ ਧਰਤੀ ਹੇਠਾਂ ਗਰਕ ਜਾਂਦੀ ਹੈ। ਮੈਕਸਿਕੋ ਵਿੱਚ ਧਰਤੀ ਹਰ ਸਾਲ ਕਰੀਬ 20 ਇੰਚ ਹੇਠਾਂ ਨੂੰ ਲਗਾਤਾਰ ਬੈਠਦੀ ਜਾ ਰਹੀ ਹੈ। ਇਸ ਤਰ੍ਹਾਂ ਦਲੇਹ ਘਾਟੀ ਵਿੱਚ ਧਰਤੀ ਹੇਠਲਾ ਸਾਰਾ ਪਾਣੀ ਖਤਮ ਹੋਣ ਨਾਲ ਉੱਥੇ ਵੀ ਧਰਤੀ ਹੇਠਾਂ ਨੂੰ ਗਰਕ ਰਹੀ ਹੈ। ਬਹੁਤੀ ਵਾਰ ਧਰਤੀ ਵਿੱਚ ਕੁੱਝ ਕੁ ਫੁੱਟ ਆਕਾਰ ਦਾ ਟੋਆ ਪੈ ਜਾਂਦਾ ਹੈ। ਕਈ ਵਾਰ ਪੂਰੇ ਦਾ ਪੂਰਾ ਘਰ ਤੱਕ ਗਰਕ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਨ ਦੇ ਆਸਾਰ ਵੱਧ ਰਹੇ ਹਨ। ਪੰਜਾਬ ਦੇ ਮੋਗਾ ਜਿਲ੍ਹੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਵੀ ਚੁੱਕੀ ਹੈ। ਉੱਥੇ ਇੱਕ ਔਰਤ ਬੰਬੀ ਉੱਪਰ ਕੱਪੜੇ ਧੋ ਰਹੀ ਸੀ। ਉਸ ਥਾਂ ਤੋਂ ਧਰਤੀ ਗਰਕ ਗਈ ਅਤੇ ਉਸ ਔਰਤ ਦੀ ਲਾਸ਼ 35 ਫੁੱਟ ਦੀ ਡੂੰਘਾਈ ਤੋਂ ਮਿਲੀ।
ਪੰਜਾਬ ਦੇ ਖਤਮ ਹੋ ਰਹੇ ਪਾਣੀ ਨੂੰ ਬਚਾਉਣ ਲਈ ਹੇਠ ਲਿਖੇ ਕੁੱਝ ਕਦਮ (ਸੁਝਾਅ) ਸਮੂਹ ਪੰਜਾਬੀਆਂ ਲਈ ਹਾਜਰ ਹਨ:
1.) ਪੰਜਾਬ ਦੇ ਦਰਿਆਵਾ ਦਾ ਜੋ ਅੱਧਾ ਪਾਣੀ ਹਰਿਆਣਾ ਅਤੇ ਰਾਜਸਥਾਨ ਵਿੱਚ ਬਰਬਾਦ ਹੋ ਰਿਹਾ ਹੈ ਉਹ ਵਾਪਸ ਪੰਜਾਬ ਨੂੰ ਮਿਲਣਾ ਚਾਹੀਦਾ ਹੈ। 2.) ਝੋਨੇ ਦੀ ਜਗਾ ਹੋਰ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਸਰਕਾਰ ਵਲੋਂ ਸਬਸਿਡੀ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। 3.) ਮੀਂਹ ਦਾ ਪਾਣੀ ਧਰਤੀ ਦੇ ਹੇਠਲੇ ਪੱਧਰ ਦੇ ਪਾਣੀ ਨੂੰ ਉੱਪਰ ਚੁੱਕਣ ਲਈ ਵਰਤਿਆ ਜਾ ਸਕਦਾ ਹੈ। ਇਸ ਲਈ ਹਰੇਕ ਪਿੰਡ ਵਿਚ ਘੱਟੋ-ਘੱਟ ਕਿਸੇ ਇਕ ਸਾਂਝੀ ਇਮਾਰਤ ਦੀ ਛੱਤ ਦਾ ਸਮੁੱਚਾ ਪਾਣੀ ਜ਼ਮੀਨਦੋਜ ਕਰਨਾ ਚਾਹੀਦਾ ਹੈ। 4.) ਖੱਡਾਂ, ਨਦੀਆਂ ਅਤੇ ਖੇਤਾਂ ਵਿਚ ਛੋਟੇ ਬੰਨ੍ਹ ਬਣਾਕੇ ਮੀਂਹ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ ਲਈ ਵਰਤਣਾ ਚਾਹੀਦਾ ਹੈ। 5.) ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੰਜ਼ਮ ਨਾਲ ਪਾਣੀ ਦੀ ਵਰਤੋਂ ਕਰਨ ਅਤੇ ਪਾਣੀ ਦੀ ਸਹੀ ਵਰਤੋਂ ਪ੍ਰਤੀ ਜਾਗਰੂਕ ਹੋਣ। 6.) ਵੱਧ ਤੋਂ ਵੱਧ ਦਰੱਖਤ ਲਗਾਏ ਜਾਣ। 7.)  ਸੀਵਰੇਜ ਅਤੇ ਹੋਰ ਗੰਦਗੀ ਨੂੰ ਪਾਣੀ ਦੇ ਸਰੋਤਾਂ ਵਿੱਚ ਰਲਣ ਨਹੀਂ ਦੇਣਾ ਚਾਹੀਦਾ। ਟੋਬਿਆਂ ਅਤੇ ਛੱਪੜਾਂ ਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ। 8.) ਰਸਾਇਣਿਕ ਖਾਦਾਂ ਅਤੇ ਜਹਿਰੀਲੀਆਂ ਦਵਾਈਆਂ ਦੇ ਬਦਲਾਂ ਜਿਵੇਂ ਕਿ ਕੁਦਰਤੀ ਖੇਤੀ ਦੀ ਵਰਤੋਂ ਕਰਨੀ ਚਾਹੀਦੀ ਹੈ। 9.) ਸਭ ਤੋਂ ਅਹਿਮ ਹੈ ਕਿ ਲੋਕ ਪਾਣੀ ਦੀ ਸਮੱਸਿਆ ਬਾਰੇ ਜਾਗਰੂਕ ਹੋਣ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਥੇਬੰਦ ਹੋਣ।

—–ਨਿਸ਼ਾਨ ਏ ਸਿੱਖੀ ਮੀਡੀਆ ਡੈਸਕ ਤੋਂ
Post Views: 605