NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

ਪ੍ਰਦੂਸ਼ਣ ਅਤੇ ਮਿਲਾਵਟਖੋਰੀ

ਹਰਜਿੰਦਰ ਸਿੰਘ

 ਤੰਦਰੁਸਤ ਤੇ ਖੁਸ਼ਹਾਲ ਜਿੰਦਗੀ ਜਿਊਣ ਵਾਸਤੇ ਮਨੁੱਖ ਲਈ ਤਿੰਨ ਚੀਜ਼ਾਂ ਹੋਣੀਆਂ ਅਤਿ ਜਰੂਰੀ ਹਨ-ਸ਼ੁੱਧ ਹਵਾ, ਸਾਫ ਪਾਣੀ ਅਤੇ ਸਾਫ-ਸੁਥਰਾ ਬਿਨਾ ਕਿਸੇ ਮਿਲਾਵਟ ਦੇ ਭੋਜਨ। ਜਿਥੇ ਵੀ ਇਹ ਤਿੰਨ ਚੀਜ਼ਾਂ ਮੌਜੂਦ ਹੋਣ, ਉਹ ਜੰਨਤ ਦੇ ਸਮਾਨ ਲੱਗਦੀ ਹੈ ਅਤੇ ਜਿਥੇ ਇਹਨਾਂ ਵਿਚੋਂ ਕੋਈ ਵੀ ਚੀਜ਼ ਦੀ ਕਮੀ ਹੋਵੇ, ਉਥੇ ਜੀਵਨ ਜੀਊਣ ਨਹੀਂ , ਬਲਕਿ ਟਾਈਮ ਪਾਸ’ ਕਰਨ ਵਾਲੀ ਹੀ ਗੱਲ ਹੁੰਦੀ ਹੈ । ਮਨੁੱਖ ਇਸ ਨਰਕ ਨੂੰ ਕੱਟਦਿਆਂ ਹੀ ਮਰ ਮੁਕ ਜਾਂਦਾ ਹੈ। ਪਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਖਤਰਾ ਵੀ ਸਿਰਫ ਤੇ ਸਿਰਫ ਮਨੁੱਖਾਂ ਤੋਂ ਹੀ ਹੈ। ਸੱਭਿਅਕ ਅਤੇ ਅਕਲਮੰਦ ਮਨੁੱਖ ਇਸ ਕੁਦਰਤੀ ਹੋਂਦ ਪ੍ਰਤੀ ਜਾਗਰੂਕ ਰਹਿੰਦਾ ਹੈ ਅਤੇ ਇਸ ਦੀ ਦੇਖ ਭਾਲ ਕਰਦਾ ਹੈ, ਜਦਕਿ ਇਕ ਜਾਹਿਲ ਤੇ ਲਾਪਰਵਾਹ ਮਨੁੱਖ ਇਨਾਂ ਚੀਜ਼ਾਂ ਦੀ ਕਦਰ ਨਾ ਕਰਦਾ ਹੋਇਆ ਆਪ ਹੀ ਆਪਣੇ ਆਪ ਨੂੰ ਖਤਮ ਕਰਨ ਵੱਲ ਤੁਰ ਪੈਂਦਾ ਹੈ। ਜੇ ਸੋਚਿਆ ਜਾਵੇ ਤਾਂ ਮਨੁੱਖ ਇਨ੍ਹਾਂ ਤਿੰਨਾਂ ਹੀ ਕੁਦਰਤੀ ਨਿਆਮਤਾਂ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦਾ। 

    ਜੇ ਸ਼ੁੱਧ ਹਵਾ ਦੀ ਹੀ ਗੱਲ ਕਰੀਏ ਤਾਂ ਅੱਜ ਸਾਡੇ ਲਈ ਕਿੰਨੀ ਕੁ ਸ਼ੁੱਧ ਹਵਾ ਉਪਲਬਧ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਸ਼ਹਿਰਾਂ ਵਿਚ ਤਾਂ ਅੱਜ ਬਹੁਤ ਹੀ ਮਾੜਾ ਹਾਲ ਹੈ। ਫੈਕਟਰੀਆਂ, ਗੱਡੀਆਂ ਦਾ ਧੂੰਆਂ ਵਾਤਾਵਰਨ ਨੂੰ ਏਨਾ ਪ੍ਰਦੂਸ਼ਤ ਕਰ ਰਿਹਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਮਸ਼ੀਨੀਕਰਨ ਨਾਲ ਵਾਤਾਵਰਣ ‘ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਦਾ ਸਭ ਤੋਂ ਵੱਧ ਅਸਰ ਸੜਕਾਂ ‘ਤੇ ਦਿਨੋ ਦਿਨ ਵਧਦੇ ਟ੍ਰੈਫਿਕ ਨਾਲ ਪੈ ਰਿਹਾ ਹੈ। ਇਸ ਵਧ ਰਹੇ ਟ੍ਰੈਫਿਕ ਦੇ ਧੂੰਏ ਵਿਚਲੀਆਂ ਜ਼ਹਿਰੀਲੀਆਂ ਗੈਂਸਾਂ ਨਾਲ ਦਿਨੋ-ਦਿਨ ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਵਧ ਰਹੀਆਂ ਹਨ।

    ਸ਼ੁੱਧ ਹਵਾ ਲਈ ਹਰਿਆਲੀ ਬਹੁਤ ਜਰੂਰੀ ਹੈ, ਜੋ ਕਿ ਸ਼ਹਿਰਾਂ ਵਿਚ ਦਿਨੋ ਦਿਨ ਖਤਮ ਹੋ ਰਹੀ ਹੈ। ਸੰਘਣੀ ਵਸੋਂ ਹੋਣ ਕਾਰਨ ਪਹਿਲਾਂ ਹੀ ਦਰੱਖਤਾਂ ਦੀ ਕਮੀ ਮਹਿਸੂਸ ਹੁੰਦੀ ਸੀ ਅਤੇ ਉਪਰੋਂ ਜੋ ਵੀ ਦਰੱਖਤ ਸੜਕਾਂ ਉਪਰ ਲੱਗੇ ਹੁੰਦੇ ਹਨ, ਉਹ ਵੀ ਅਸੀਂ ਸੜਕਾਂ ਚੌੜੀਆਂ ਕਰਨ ਦੇ ਨਾਂ ‘ਤੇ ਕੱਟੀ ਜਾ ਰਹੇ ਹਾਂ। ਇਨ੍ਹਾਂ ਦਾ ਕੋਈ ਬਦਲਵਾਂ ਪ੍ਰਬੰਧ ਵੀ ਨਹੀਂ ਕਰ ਰਹੇ। ਇਹ ਠੀਕ ਹੈ ਕਿ ਸਮੇਂ ਦੀ ਲੋੜ ਅਨੁਸਾਰ ਸੜਕਾਂ ਚੌੜੀਆਂ ਕਰਨੀਆਂ ਪੈ ਰਹੀਆਂ ਹਨ,ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਪਣੇ ਵਾਤਾਵਾਰਣ ਨੂੰ ਠੀਕ ਰੱਖਣਾ ਵੀ ਸਾਡਾ ਹੀ ਫਰਜ਼ ਹੈ।

    ਵਾਤਾਵਰਣ ਨੂੰ ਖਰਾਬ ਕਰਨ ਦਾ ਇਕ ਹੋਰ ਵੱਡਾ ਕਾਰਨ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਅੱਜ ਕਿਸਾਨ ਜ਼ਿਆਦਾ ਮਿਹਨਤ ਤੋਂ ਬਚਣ ਲਈ ਫਸਲਾਂ ਕੱਟਣ ਤੋਂ ਬਾਅਦ ਨਾੜ ਜਾਂ ਰਹਿੰਦ-ਖੂਹੰਦ ਨੂੰ ਸਾੜ ਦਿੰਦੇ ਹਨ। ਇਸ ਨਾੜ ਨੂੰ ਸਾੜਨ ਨਾਲ ਧੂੰਏ ਦੇ ਨਾਲ-ਨਾਲ ਬਹੁਤ ਜਿਆਦਾ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਸਰਕਾਰ ਵਲੋਂ ਇਸ ‘ਤੇ ਪਾਬੰਧੀ ਲਾਉਣ ਦੇ ਬਾਵਜੂਦ ਇਹ ਸਭ ਉਸੇ ਤਰਾਂ ਚਲ ਰਿਹਾ ਹੈ।

    ਦੂਸਰਾ ਹੈ ਪਾਣੀ, ਜਿਸ ਬਗੈਰ ਅਸੀਂ ਇਕ ਦਿਨ ਵੀ ਨਹੀਂ ਰਹਿ ਸਕਦੇ। ਜੇ ਇਕ ਮਿੰਟ ਲਈ ਸੋਚਿਆ ਜਾਵੇ ਕਿ ਅਸੀਂ ਪਾਣੀ ਤੋਂ ਬਿਨਾ ਰੋਜ਼ਾਨਾ ਘਰ ਦਾ ਕੋਈ ਕੰਮ ਵੀ ਨਹੀਂ ਕਰ ਸਕਦੇ। ਇਕ ਨਵੀਂ ਸਵੇਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਰਾਤ ਸੌਣ ਤੱਕ ਸਾਨੂੰ ਪਾਣੀ ਦੀ ਜਰੂਰਤ ਪੈਂਦੀ ਹੈ। ਮਤਲਬ ਸੋਚਿਆ ਜਾਵੇ ਕਿ ਜੇਕਰ ਇਕ ਦਿਨ ਵੀ ਪਾਣੀ ਨਾ ਮਿਲੇ ਤਾਂ ਸਾਡੀ ਜਿੰਦਗੀ ਕਿਸ ਤਰਾਂ ਉਥਲ-ਪੁਥਲ ਹੋ ਸਕਦੀ ਹੈ। ਪਰ ਬਗੈਰ ਇਸ ਗੱਲ ਦੀ ਪਰਵਾਹ ਕਰਦੇ ਹੋਏ ਅਸੀਂ ਰੋਜ਼ਾਨਾ ਹੀ ਕਿੰਨਾ ਪਾਣੀ ਬਰਬਾਦ ਕਰ ਰਹੇ ਹਾਂ। ਜੇ ਕੁਝ ਸਾਲ ਪਹਿਲਾਂ ਵੱਲ ਝਾਤ ਮਾਰੀ ਜਾਵੇ ਤਾਂ ਜ਼ਮੀਨ ਵਿਚੋਂ ਪਾਣੀ ਕੱਢਣ ਲਈ ਸਾਨੂੰ 50-70 ਫੁੱਟ ਹੀ ਪਾਣੀ ਕੱਢਣਾ ਪੈਂਦਾ ਸੀ ਜੋ ਕਿ ਅੱਜ 250 ਫੁੱਟ ‘ਤੇ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਜ਼ਿਆਦਾ ਨੀਵਾਂ ਜਾਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਘਟੀ ਹੈ। ਦਰਿਆਵਾਂ, ਨਦੀਆਂ, ਤਲਾਬਾਂ ਵਿਚ ਵੀ ਦਿਨੋ ਦਿਨ ਪਾਣੀ ਦਾ ਪੱਧਰ ਘੱਟ ਰਿਹਾ ਹੈ। ਜੋ ਵੀ ਪਾਣੀ ਹੈ, ਉਸ ਵਿਚ ਵੀ ਇਨਸਾਨ ਫੈਕਟਰੀਆਂ ਅਤੇ ਘਰਾਂ ਦੀ ਜ਼ਹਿਰੀਲੀ ਗੰਦਗੀ ਵਹਾਅ ਕੇ ਇਸ ਨੂੰ ਪ੍ਰਦੂਸ਼ਤ ਕਰ ਰਿਹਾ ਹੈ।

    ਪਾਣੀ ਦਾ ਪੱਧਰ ਇਸ ਹੱਦ ਤੱਕ ਪਹੁੰਚਣ ਦੇ ਬਾਵਜੂਦ ਅਸੀਂ ਇਹ ਕਹਿ ਰਹੇ ਹਾਂ ਕਿ ਕੋਈ ਗੱਲ ਨਹੀਂ, ਬਹੁਤ ਪਾਣੀ ਹੈ। ਪਰ ਅਸੀਂ ਆਪਣੇ ਭਵਿੱਖ, ਆਪਣੀਆਂ ਆਉਣ ਵਾਲੀਆਂ ਪੀੜੀਆਂ (ਆਪਣੇ ਬੱਚਿਆਂ) ਦਾ ਨਹੀਂ ਸੋਚ ਰਹੇ। ਸਡਜ਼ੀੳਢ ੳਗਲੀੳਢ ਪੀੜ੍ਹੀੳਢ ਨੂੰ ਪਾਣੀ ਦੀ ਇਕ-ਇਕ ਬੂੰਦ ਲਈ ਤਰਸਣਾ ਪੈ ਸਕਦਾ ਹੈ। ਅੱਜ ਲੋੜ ਹੈ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ।  ਆਪਣੇ ਅੰਦਰ ਝਾਤ ਮਾਰ ਕੇ ਸੋਚਣ ਦੀ ਕਿ ਕੀ ਅਸੀਂ ਇਹ ਸਭ ਠੀਕ ਕਰ ਰਹੇ ਹਾਂ? ਜੇ ਅਸੀਂ ਅੱਜ ਵੀ ਪਾਣੀ ਦੀ ਹੋ ਰਹੀ ਬਰਬਾਦੀ ਬਾਰੇ ਨਾਂ ਸੋਚਿਆ ਤਾਂ ਉਹ ਸਮਾਂ ਦੂਰ ਨਹੀਂ, ਜਦੋਂ ਸਾਨੂੰ ਵੀ ਦੂਜੇ ਸੂਬਿਆਂ/ਦੇਸ਼ਾਂ ਵਾਂਗ ਪੀਣ ਵਾਸਤੇ ਵੀ ਪਾਣੀ ਮੁੱਲ ਲੈਣਾ ਪਵੇਗਾ, ਉਹ ਵੀ ਕਤਾਰ ਵਿਚ ਲੱਗ ਕੇ।

    ਤੀਸਰੀ ਜਰੂਰੀ ਚੀਜ਼ ਹੈ ਭੋਜਨ। ਅਜੋਕੀ ਜਿੰਦਗੀ ਵਿਚ ਇਨਸਾਨ ਪੈਸੇ ਦੀ ਦੌੜ ਪਿਛੇ ਇਸ ਕਦਰ ਅੰਨ੍ਹਾਂ ਹੋ ਗਿਆ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਇਨਸਾਨ ਹੀ ਇਨਸਾਨ ਦੀ ਸਿਹਤ ਨਾਲ ਖੇਡ ਰਿਹਾ ਹੈ। ਅੱਜ ਸਾਡੇ ਖਾਣ ਵਾਸਤੇ ਕੁੱਝ ਵੀ ਮਿਲਾਵਟ ਤੋਂ ਬਿਨਾ ਨਹੀਂ ਬੱਚਿਆ। ਦੁੱਧ ਤੋਂ ਹੀ ਸ਼ੁਰੂਆਤ ਕਰ ਲਈਏ ਤਾਂ ਉਹ ਵੀ ਮਿਲਾਵਟ ਤੋਂ ਬਿਨਾ ਨਹੀਂ ਮਿਲ ਰਿਹਾ। ਇਸ ਤੋਂ ਬਣਨ ਵਾਲੀਆਂ ਚੀਜ਼ਾਂ ਮੱਖਣ, ਪਨੀਰ, ਦਹੀਂ, ਘਿਉ, ਅਤੇ ਮਠਿਆਈਆਂ ਆਦਿ ਤਾਂ ਮਿਲਾਵਟੀ ਹੋਣਗੀਆਂ ਹੀ। ਅਗਰ ਦੁੱਧ ਵਿਚ ਕਿਸੇ ਕਿਸਮ ਦੀ ਮਿਲਾਵਟ ਦੀ ਗੱਲ ਨਾ ਵੀ ਕਰੀਏ ਤਾਂ ਵੀ ਡੰਗਰਾਂ ਤੋਂ ਜਲਦੀ ਤੇ ਜ਼ਿਆਦਾ ਦੁੱਧ ਲੈਣ ਲਈ ਉਹਨਾਂ ਨੂੰ ਟੀਕੇ ਲਗਾਏ ਜਾਂਦੇ ਹਨ । ਜਿਸਦਾ ਅਸਰ ਦੁੱਧ ਵਿਚ ਵੀ ਆਉਂਦਾ ਹੈ, ਜੋ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।

    ਨਰੋਈ ਸਿਹਤ ਲਈ ਸਬਜ਼ੀਆਂ ਦਾ ਝਾੜ ਜ਼ਿਆਦਾ ਤੇ ਜਲਦੀ ਲੈਣ ਵਾਸਤੇ ਅੱਜਕਲ ਰਸਾਇਣਿਕ ਖਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਦੇਸੀ ਰੂੜੀ ਵੱਲ ਸਾਡੀ ਰੁਚੀ ਨਹੀਂ ਰਹੀ। ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਸਿਖਰਾਂ ‘ਤੇ ਪਹੁੰਚ ਗਈ ਹੈ। ਮੁਨਾਫਾ ਵਧ ਕਮਾਉਣ ਲਈ ਸਬਜ਼ੀਆਂ ਨੂੰ ਟੀਕੇ ਲਗਾਏ ਜਾ ਰਹੇ ਹਨ, ਜਿਸ ਨਾਲ ਰਾਤੋ ਰਾਤ ਸਬਜ਼ੀ ਤਿਆਰ ਹੋ ਜਾਂਦੀ ਹੈ। ਸਬਜ਼ੀਆਂ ਤੋਂ ਇਲਾਵਾ ਫਲਾਂ ਨੂੰ ਵੀ ਮਿੱਠੇ/ਰਸਦਾਰ ਕਰਨ ਅਤੇ ਜਲਦੀ ਤੋਂ ਜਲਦੀ ਤਿਆਰ ਕਰਨ ਵਾਸਤੇ ਉੁਨਾਂ ਵਿਚ ਵੀ ਟੀਕੇ/ਦਵਾਈਆਂ ਦਾ ਇਸਤੇਮਾਲ ਧੜਾ-ਧੜ ਹੋ ਰਿਹਾ ਹੈ। ਗੱਲ ਕੀ, ਕੁਝ ਵੀ ਮਿਲਾਵਟ ਅਤੇੇ ਜ਼ਹਿਰ ਤੋਂ ਬਿਨਾਂ ਨਹੀਂ ਵਿਕ ਰਿਹਾ, ਜੋ ਸਾਡੇ ਆਪਣੇ ਭਵਿੱਖ ਅਤੇ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਹੀ ਖਤਰਨਾਕ ਸੰਕੇਤ ਹਨ। ਸੋ ਅੱਜ ਲੋੜ ਹੈ ਇਨ੍ਹਾਂ ਸਾਰੀਆਂ ਗੱਲਾਂ ਨੂੰ ਵਿਚਾਰਨ ਦੀ। ਇਨ੍ਹਾਂ ਬਾਰੇ ਪਹਿਲਾਂ ਆਪਣੇ ਆਪ ਨੂੰ ਜਾਗਰੂਕ ਕਰਨ ਦੀ, ਫਿਰ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਦੀ ।

ਹਰਜਿੰਦਰ ਸਿੰਘ

Post Views: 343